ਬਾਬਰ ਵਾਣੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਾਬਰ ਵਾਣੀ: ਗੁਰੂ ਨਾਨਕ ਦੇਵ ਜੀ ਦੀ ਕਿਸੇ ਬਾਣੀ ਦਾ ਨਾਂ ਬਾਬਰ ਵਾਣੀ ਨਹੀਂ ਹੈ। ਪਰ ਗੁਰੂ ਨਾਨਕ ਦੇਵ ਜੀ ਦੇ ਆਸਾ ਰਾਗ ਦੇ ਤਿੰਨ ਸ਼ਬਦ ਤੇ ਤਿਲੰਗ ਰਾਗ ਦੇ ਇੱਕ ਸ਼ਬਦ-ਸਮੂਹ ਨੂੰ ਬਾਬਰ ਵਾਣੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹਨਾਂ ਸ਼ਬਦਾਂ ਦਾ ਸੰਬੰਧ ਬਾਬਰ ਦੇ ਹਮਲੇ ਤੇ ਸੈਦਪੁਰ ਦੀ ਤਬਾਹੀ ਨਾਲ ਮੰਨਿਆ ਜਾਂਦਾ ਹੈ। ਇਹਨਾਂ ਚਾਰ ਸ਼ਬਦਾਂ ਵਿੱਚੋਂ ਰਾਗ ਆਸਾ ਦੀ ਗਿਆਰ੍ਹਵੀਂ ਅਸ਼ਟਪਦੀ ਵਿੱਚ ‘ਬਾਬਰ ਵਾਣੀ’ ਸ਼ਬਦ ਦੀ ਵਰਤੋਂ ਵੀ ਹੋਈ ਹੈ ਜਿਸ ਕਰ ਕੇ ਇਹਨਾਂ ਨੂੰ ਬਾਬਰ ਵਾਣੀ ਦੇ ਨਾਂ ਨਾਲ ਜਾਣਿਆ ਜਾਣ ਲੱਗ ਪਿਆ।

     ਬਾਬਰ ਵਾਣੀ ਦਾ ਪਹਿਲਾ ਸ਼ਬਦ ਆਸਾ ਰਾਗ ਦਾ 39ਵਾਂ ਸ਼ਬਦ ਹੈ ਜਿਸਦਾ ਅਰੰਭ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਤੁਕ ਨਾਲ ਹੁੰਦਾ ਹੈ। ਇਸ ਵਿੱਚ ਬਾਬਰ ਦੇ ਹਮਲੇ ਦਾ ਉੱਲੇਖ ਕਰਦੇ ਹੋਏ ਕਿਹਾ ਗਿਆ ਹੈ ਕਿ ਪਰਮਾਤਮਾ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਸਜ਼ਾ ਦੇਣ ਲਈ ਮੁਗ਼ਲ ਨੂੰ ਜਮ ਬਣਾ ਕੇ ਭੇਜ ਦਿੱਤਾ। ਲੋਕਾਂ ਨੂੰ ਜਿੰਨੀ ਮਾਰ ਪਈ ਉਸ ਦਾ ਕੋਈ ਅੰਤ ਨਹੀਂ। ਪ੍ਰਭੂ ਆਪ ਹੀ ਕਰਣਹਾਰ ਤੇ ਰੱਖਣਹਾਰ ਹੈ। ਆਮ ਲੋਕਾਂ ਦੀ ਹੋਈ ਤਬਾਹੀ ਸ਼ੇਰ ਵਰਗੇ ਸਕਤੇ ਦੇ ਵੱਗ ਨੂੰ ਆ ਪੈਣ ਵਾਂਗ ਸੀ। ਪ੍ਰਭੂ ਦੀਆਂ ਨਜ਼ਰਾਂ ਵਿੱਚ ਸਾਰੇ ਲੋਕ ਦਾਣੇ ਘੜੀਸਨ ਵਾਲੇ ਕੀੜੇ ਮਾਤਰ ਹਨ। ਜਿੰਨਾ ਚਿਰ ਬੰਦਾ ਆਪਾ ਭਾਵ ਨਹੀਂ ਮਾਰਦਾ ਤੇ ਨਾਮ ਨਹੀਂ ਜਪਦਾ ਤਦ ਤਕ ਜੀਵਨ ਤੋਂ ਕੁਝ ਨਹੀਂ ਖੱਟਦਾ।

     ਦੂਜਾ ਸ਼ਬਦ ਰਾਗ ਆਸਾ ਦੀ ਗਿਆਰ੍ਹਵੀਂ ਅਸ਼ਟਪਦੀ ਦਾ ਹੈ ਜਿਸ ਦੀ ਅਰੰਭਿਕ ਤੁਕ ਹੈ ਜਿਨ ਸਿਰਿ ਸੋਹਨ ਪਟੀਆ। ਮੁਗ਼ਲ ਹਮਲੇ ਵਿੱਚ ਹੋਈ ਔਰਤਾਂ ਦੀ ਮੰਦੀ ਹਾਲਤ ਦਾ ਉੱਲੇਖ ਕਰਦਿਆਂ ਕਿਹਾ ਗਿਆ ਹੈ ਕਿ ਰੱਬ ਦਾ ਕੋਈ ਅੰਤ ਨਹੀਂ। ਉਹ ਕਈ ਦਿਖਾਵੇ ਕਰਦਾ ਹੈ। ਔਰਤਾਂ ਦੇ ਉਜਵਲ ਭੂਤ ਤੇ ਵਰਤਮਾਨ ਹਾਲਤ ਨੂੰ ਦਸਦਿਆਂ ਕਿਹਾ ਗਿਆ ਹੈ ਕਿ ਰੱਬ ਜਿਸ ਨੂੰ ਚਾਹੇ ਵਡਿਆਈ ਦਿੰਦਾ ਹੈ ਤੇ ਜਿਸ ਨੂੰ ਚਾਹੇ ਸਜ਼ਾ। ਇਸ ਹਾਲਤ ਵਿੱਚ ਜਿੱਥੇ ਸ਼ਹਿਜ਼ਾਦਿਆਂ ਦੀ ਨਮਾਜ਼ ਖੁੰਝ ਗਈ ਉੱਥੇ ਹਿੰਦਵਾਣੀਆਂ ਦੇ ਟਿੱਕੇ, ਇਸ਼ਨਾਨ, ਚੌਂਕੇ ਰਹਿ ਗਏ। ਰੱਬ ਜੋ ਚਾਹੁੰਦਾ ਹੈ ਉਹੀ ਹੁੰਦਾ ਹੈ, ਬੰਦੇ ਦੇ ਵੱਸ ਕੁਝ ਨਹੀਂ ਹੈ।

     ਤੀਜਾ ਸ਼ਬਦ ਇਸੇ ਰਾਗ ਦੀ ਬਾਰਵੀਂ ਅਸ਼ਟਪਦੀ ਦਾ ਹੈ ਜਿਸ ਦੀ ਅਰੰਭਿਕ ਤੁਕ ਹੈ ਕਹਾ ਸੁ ਖੇਲ ਤਬੇਲਾ ਘੋੜੇ। ਬਾਬਰ ਦੇ ਹਮਲੇ ਦੌਰਾਨ ਹੋਈ ਤਬਾਹੀ ਨਾਲ ਸਭ ਕੁਝ ਬਦਲ ਗਿਆ ਹੈ। ਸ਼ਹਿਰ ਵਿੱਚ ਖੇਲ, ਤਮਾਸ਼ੇ, ਸ਼ਹਿਨਾਈ, ਨਗਾਰੇ ਨਹੀਂ ਰਹੇ। ਗਾਤਰੇ, ਪਸ਼ਮੀਨੇ ਤੇ ਲਾਲ ਪਹਿਨਣ ਵਾਲੇ ਨਹੀਂ ਰਹੇ। ਘਰ, ਮਹੱਲ, ਸ਼ਮਿਆਨੇ, ਸਰਾਵਾਂ ਵੀ ਨਹੀਂ ਰਹੀਆਂ। ਦੌਲਤ ਨੇ ਬਹੁਤ ਦੁਨੀਆ ਖ਼ਰਾਬ ਕੀਤੀ ਹੈ। ਪਰ ਹਕੀਕਤ ਇਹ ਹੈ ਕਿ ਇਹ ਪਾਪਾਂ ਬਿਨਾਂ ਇਕੱਠੀ ਨਹੀਂ ਹੁੰਦੀ ਤੇ ਮਰਨ ਲਗਿਆਂ ਨਾਲ ਨਹੀਂ ਜਾਂਦੀ। ਦਰਅਸਲ ਰੱਬ ਕਿਸੇ ਨੂੰ ਜ਼ਲੀਲ ਕਰਨ ਤੋਂ ਪਹਿਲਾਂ ਉਹਦੀ ਨੇਕ-ਚਲਨੀ ਖੋਹ ਲੈਂਦਾ ਹੈ। ਇਸ ਆਫ਼ਤ ਨੂੰ ਰੋਕਿਆ ਨਹੀਂ ਜਾ ਸਕਦਾ। ਟੂਣੇ ਦੇ ਕਾਗਜ਼ਾਂ ਨੇ ਕੋਈ ਮੁਗ਼ਲ ਸਿਪਾਹੀ ਅੰਨ੍ਹਾ ਨਹੀਂ ਕੀਤਾ। ਜਿਨ੍ਹਾਂ ਦੀ ਦਰਗਾਹ ਵਿੱਚ ਉਮਰ ਦੀ ਚਿੱਠੀ ਪਾਟ ਗਈ ਸੀ, ਉਹਨਾਂ ਨੂੰ ਹੀ ਮੌਤ ਆਈ। ਹਮਲੇ ਤੋਂ ਬਾਅਦ ਹੋਈ ਤਬਾਹੀ ਵਿੱਚ ਹਿੰਦੂ, ਤੁਰਕ, ਰਾਜਪੂਤ ਔਰਤਾਂ ਦੀ ਹਾਲਤ ਮਾੜੀ ਹੋ ਗਈ ਸੀ। ਪਰ ਰੱਬ ਆਪ ਹੀ ਸਭ ਕੁਝ ਕਰਦਾ ਹੈ ਤੇ ਬੰਦੇ ਦੇ ਹੱਥ ਵੱਸ ਕੁੱਝ ਨਹੀਂ ਹੈ। ਸੁੱਖ ਦੁੱਖ ਤਾਂ ਰੱਬ ਦੀ ਦਾਤ ਹੈ। ਰੱਬ ਤਾਂ ਆਪਣੇ ਹੁਕਮ ਚਲਾਉਣ ਦੇ ਅਨੰਦ ਵਿੱਚ ਰਹਿੰਦਾ ਹੈ।

     ਚੌਥਾ ਸ਼ਬਦ ਤਿਲੰਗ ਰਾਗ ਵਿੱਚ (5ਵਾਂ) ਹੈ ਜਿਸ ਦੀ ਅਰੰਭਿਕ ਤੁਕ ਹੈ ਜੈਸੀ ਮੈ ਆਵੈ ਖਸਮ ਕੀ ਬਾਣੀ। ਇਸ ਵਿੱਚ ਬਾਬਰ ਦੇ ਹਮਲੇ ਨੂੰ ਨਿਕਾਹ ਦੇ ਰੂਪ ਵਿੱਚ ਚਿੱਤਰਿਆ ਗਿਆ ਹੈ। ਬਾਬਰ ਕਾਬਲ ਤੋਂ ਪਾਪ ਦੀ ਜੰਞ ਲੈ ਕੇ ਆਇਆ ਹੈ ਤੇ ਜਬਰਦਸਤੀ ਕੰਨਿਆ ਦਾਨ ਮੰਗਦਾ ਹੈ। ਇਸ ਹਮਲੇ ਵਿੱਚ ਉੱਚੀਆਂ ਤੇ ਨੀਵੀਆਂ ਜਾਤਾਂ ਦੀਆਂ ਔਰਤਾਂ ’ਤੇ ਜਬਰ ਹੁੰਦਾ ਹੈ। ਸ਼ਬਦਾਂ ਦੇ ਅਰੰਭ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮੈਨੂੰ ਰੱਬ ਵੱਲੋਂ ਜਿਹੜੀ ਗੱਲ ਫੁਰਦੀ ਹੈ ਮੈਂ ਲੋਕਾਂ ਨੂੰ ਉਹੀ ਗੱਲ ਕਹਿੰਦਾ ਹਾਂ। ਬਾਬਾ ਨਾਨਕ ਲਾਸ਼ਾਂ ਦੇ ਸ਼ਹਿਰ ਵਿੱਚ ਵੀ ਅਸਲੀ ਮਸਲਾ ਦਸਦਾ ਹੈ। ਜਿਸ ਪ੍ਰਭੂ ਨੇ ਦੁਨੀਆ ਸਿਰਜੀ ਹੈ ਉਹ ਇਸ ਕਤਲੇਆਮ ਨੂੰ ਅਲਗਾਓ ਨਾਲ ਵੇਖ ਰਿਹਾ ਹੈ। ਲਗਾਓ ਨਾਲ ਅਸਲੀ ਮਸਲੇ ਨੂੰ ਨਹੀਂ ਸਮਝਿਆ ਜਾ ਸਕਦਾ। ਪ੍ਰਭੂ ਸੱਚਾ ਹੈ, ਉਸ ਦਾ ਇਨਸਾਫ਼ ਸੱਚਾ ਹੈ ਤੇ ਉਹ ਮਸਲੇ ਦਾ ਸੱਚੋ ਸੱਚ ਨਿਬੇੜਾ ਕਰਦਾ ਹੈ।

     ਬਾਬਰ ਵਾਣੀ ਦੇ ਇਹ ਸ਼ਬਦ ਭਾਵੇਂ ਬਾਬਰ ਦੇ ਹਮਲੇ ਤੇ ਉਸ ਨਾਲ ਹੋਈ ਤਬਾਹੀ ਦਾ ਉਲੇਖ ਕਰਦੇ ਹਨ ਪਰ ਉਹਨਾਂ ਦਾ ਉਦੇਸ਼ ਇਤਿਹਾਸ ਬਾਰੇ ਜਾਣਕਾਰੀ ਦੇਣਾ ਨਹੀਂ ਸਗੋਂ ਮਨੁੱਖ ਨੂੰ ਅਧਿਆਤਮਿਕ ਸੰਦੇਸ਼ ਦੇਣਾ ਹੈ।


ਲੇਖਕ : ਸਬਿੰਦਰਜੀਤ ਸਾਗਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.